Monday, 18 May 2015



ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਸਢੌਰਾ ਦੇ ਜੱਲਾਦਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਬਣਦੀ ਸਜ਼ਾ ਦੇਣ ਤੋਂ ਬਾਅਦ ਸਰਹਿੰਦ ਵੱਲ ਕੂਚ ਕਰ ਦਿਤਾ। ਉਸ ਨੇ ਬਨੂੜ ਲੰਘ ਕੇ, ਸਰਹਿੰਦ ਤੋਂ ਦਸ ਕੁ ਮੀਲ ਉਰ੍ਹਾਂ ਚੱਪੜ ਚਿੜੀ ਦੇ ਸਥਾਨ ਉਤੇ ਡੇਰੇ ਲਾ ਲਏ ਅਤੇ ਉਨ੍ਹਾਂ ਮਝੈਲਾਂ ਤੇ ਦੁਆਬੀਏ ਸਿੱਖਾਂ ਦੀ ਉਡੀਕ ਕਰਨੀ ਸ਼ੁਰੂ ਕਰ ਦਿਤੀ ਜੋ ਸਤਲੁਜ਼ੋਂ ਪਾਰ ਰੁਕੇ ਹੋਏ ਸਨ। ਜਦ ਇਹ ਸਿੰਘ ਰੋਪੜ ਦੇ ਨਜ਼ਦੀਕ ਮੁਸਲਮਾਨੀ ਫੌਜਾਂ ਨੂੰ ਭਾਂਜ ਦੇ ਕੇ ਬੰਦਾ ਸਿੰਘ ਦੇ ਦਲ ਨਾਲ ਆ ਮਿਲੇ ਤਾਂ ਬੰਦਾ ਸਿੰਘ ਦੇ ਦਲ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਵਾਹਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸਾਦ ਦੇ ਖੁਲ੍ਹੇ ਗੱਫੇ ਵਰਤਾਏ ਗਏ। ਸਿੰਘਾਂ ਨੂੰ ਹੁਣ ਗੁਰੂ-ਮਾਰੀ ਸਰਹੰਦ ਅਤੇ ਉਸ ਦੇ ਫੌਜਦਾਰ ਵਜ਼ੀਰ ਖਾਨ ਦੇ ਵਿਰੁੱਧ ਧਰਮ-ਯੁੱਧ ਦੇ ਚਾਓ ਨਾਲ ਲਾਲੀਆਂ ਚੜ੍ਹ ਰਹੀਆਂ ਸਨ ਅਤੇ ਉਹ ਉਤਾਵਲੇ ਹੋ ਰਹੇ ਸਨ। ਇਸ ਦੇ ਨਾਲ ਹੀ ਲੁਟੇਰਿਆਂ ਅਤੇ ਧਾੜਵੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਸੀ ਜੋ ਸਦੀਆਂ ਤੋਂ ਇਕੱਠੀ ਹੋ ਰਹੀ ਇਥੇ ਦੀ ਦੌਲਤ ਦੀ ਲੁੱਟ ਵਲ ਅੱਖਾਂ ਲਾਈ ਬੈਠੇ ਸਨ ਅਤੇ ਬੰਦਾ ਸਿੰਘ ਦੇ ਕਾਫਲੇ ਦੇ ਪਿੱਛੇ ਪਿੱਛੇ ਤੁਰੇ ਆ ਰਹੇ ਸਨ। ਇਹ ਦੇਖ ਕੇ ਬੰਦਾ ਸਿੰਘ ਨੇ ਸਰਹੰਦ ਉਤੇ ਚੜ੍ਹਾਈ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਇਸ ਨਾਲ ਸਿੰਘਾਂ ਦੇ ਡੌਲੇ ਹੋਰ ਫਰਕਣ ਲੱਗ ਪਏ ਅਤੇ ਆਸਮਾਨ 'ਸਤਿ ਸ੍ਰੀ ਅਕਾਲ` ਦੇ ਜੈਕਾਰਿਆਂ ਨਾਲ ਗੂੰਜ ਉਠਿਆ।

ਇਸ ਵੇਲੇ ਸਰਹੰਦ ਦਾ ਇਕ ਹਿੰਦੂ ਅਫ਼ਸਰ (ਗੰਡਾ ਮੱਲ) ਜੋ ਨਵਾਬ ਵਜ਼ੀਰ ਖ਼ਾਨ ਦੇ ਪੇਸ਼ਕਾਰ ਸੁੱਚਾ ਨੰਦ ਦਾ ਭਤੀਜਾ ਸੀ, ਇਕ ਹਜ਼ਾਰ ਆਦਮੀ ਨਾਲ ਲੈ ਕੇ ਬੰਦਾ ਸਿੰਘ ਦੇ ਕੈਂਪ ਵਿਚ ਆ ਗਿਆ ਅਤੇ ਕਹਿਣ ਲੱਗਾ ਕਿ ਮੈਂ ਆਪਣੇ ਅਤੇ ਆਪਣੇ ਟੱਬਰ ਕਬੀਲੇ ਉਤੇ ਹੋਏ ਵਜ਼ੀਰ ਖਾਨ ਦੇ ਜ਼ੁਲਮ ਤੋਂ ਤੰਗ ਆ ਕੇ ਆਪਣੇ ਵਫ਼ਾਦਾਰ ਆਦਮੀਆਂ ਨੂੰ ਨਾਲ ਲੈ ਆਇਆਂ ਹਾਂ। ਅਸਲ ਵਿਚ ਇਹ ਸਭ ਕੁਝ ਬੰਦਾ ਸਿੰਘ ਨੂੰ ਧੋਖਾ ਦੇਣ ਲਈ ਇਕ ਬਣੌਟ ਸੀ ਅਤੇ ਉਸ ਨੂੰ ਵਜ਼ੀਰ ਖਾਨ ਅਤੇ ਸੁੱਚਾ ਨੰਦ ਨੇ ਇਸ ਲਈ ਭੇਜਿਆ ਸੀ ਕਿ ਉਹ ਸਿੰਘਾਂ ਦੇ ਕੈਂਪ ਵਿਚ ਜਾ ਕੇ ਆਪਣਾ ਇਤਬਾਰ ਜਮਾਵੇ ਅਤੇ ਜਦ ਦਾਉ ਲੱਗੇ ਤਾਂ ਬੰਦਾ ਸਿੰਘ ਨੂੰ ਪਾਰ ਬੁਲਾਵੇ, ਪਰ ਜੇ ਉਸ ਨੂੰ ਮੌਕਾ ਨਾ ਮਿਲੇ ਤਾਂ ਸਰਹੰਦ ਉਤੇ ਸਿੰਘਾਂ ਦੇ ਹੱਲੇ ਵੇਲੇ ਕੋਈ ਅਜਿਹੀ ਚਾਲ ਚਲੇ ਕਿ ਸਿੰਘਾਂ ਨੂੰ ਭਾਂਜ ਪੈ ਜਾਏ। ਅਜਿਹੀਆਂ ਧੋਖਾਬਾਜ਼ੀਆਂ ਓਦੋਂ ਕੋਈ ਅਣਹੋਣੀਆਂ ਨਹੀਂ ਸਨ। ਪਰ ਬੰਦਾ ਸਿੰਘ ਨੇ ਸਾਧੂਆਂ ਦੀ ਸੰਗਤ ਵਿਚ ਜੀਵਨ ਬਤੀਤ ਕੀਤਾ ਸੀ। ਉਸ ਨੇ ਸਰਹੰਦੀ ਹਿੰਦੂ ਅਫ਼ਸਰ ਦੀ ਕਹਾਣੀ ਉਤੇ ਇਤਬਾਰ ਕਰ ਲਿਆ ਅਤੇ ਉਸ ਨੂੰ ਆਪਣੇ ਦਲ ਵਿਚ ਰਲ ਜਾਣ ਦੀ ਆਗਿਆ ਦੇ ਦਿੱਤੀ।

ਸਰਹੰਦ ਪੰਜ ਸਾਢੇ ਪੰਜ ਸਾਲ ਤੋਂ ਖਾਲਸਿਆਂ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ। ਇਸ ਨਿਰਦਈ ਧਰਤੀ ਤੇ ਦਸੰਬਰ ਸੰਨ 1704 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦੇ ਜੀਉਂਦੇ ਕੰਧ ਵਿਚ ਚਿਣੇ ਅਤੇ ਫੇਰ ਕੋਹ ਕੇ ਕਤਲ ਕੀਤੇ ਗਏ ਸਨ। ਸਰਹੰਦ ਦੀ ਜ਼ੁਲਮੀ ਕਥਾ ਬੰਦਾ ਸਿੰਘ ਅਤੇ ਸਿੰਘਾਂ ਨੂੰ ਸਰਹੰਦ ਉਤੇ ਚੜ੍ਹਾਈ ਕਰਨ ਲਈ ਪ੍ਰੇਰਨਾ ਕਰ ਰਹੀ ਸੀ। ਜੇਮਜ਼ ਬਰਾਉਨ ਲਿਖਦਾ ਹੈ ਕਿ ‘ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉਤੇ ਢਾਹੇ ਗਏ ਜ਼ੁਲਮ ਦੀਆਂ ਸਾਰੀਆਂ ਮਿਸਾਲਾਂ ਵਿਚੋਂ ਇਹ ਸਭ ਤੋਂ ਜ਼ਿਆਦਾ ਕਠੋਰ ਉਪੱਦਰ ਅਤੇ ਨਿਰਦਈ ਅੱਤਿਆਚਾਰ ਹੈ। ਨਿਰਬਲ ਅਤੇ ਨਿਹੱਥੀਆਂ ਇਸਤਰੀਆਂ ਅਤੇ ਬੱਚੇ ਆਮ ਤੌਰ ਤੇ ਧਾਰਮਿਕ ਕਰੋਧ ਤੋਂ ਭੀ ਬਚੇ ਰਹਿੰਦੇ ਰਹੇ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਜੇ ਸਿੱਖਾਂ ਦਾ ਗੁੱਸਾ ਇਤਨਾ ਸਖ਼ਤ ਸੀ।`

ਇਨ੍ਹਾਂ ਬੇ-ਗੁਨਾਹਾਂ ਦੇ ਕਤਲਾਂ ਦੇ ਬਦਲੇ ਦਾ ਡਰ ਵਜ਼ੀਰ ਖ਼ਾਨ ਨੂੰ ਸਭ ਤੋਂ ਜ਼ਿਆਦਾ ਭੈਅ ਭੀਤ ਕਰ ਰਿਹਾ ਸੀ। ਇਸ ਲਈ ਉਸ ਨੇ ਆਪਣੇ ਅਤੇ ਸਰਹੰਦ ਦੇ ਬਚਾਓ ਲਈ ਪੂਰਾ ਪੂਰਾ ਟਿੱਲ ਲਾਇਆ ਅਤੇ ਸਾਰੇ ਸਾਧਨ ਵਰਤੇ। ਚਾਰ ਪੰਜ ਆਪਣੇ ਮਿੱਤਰ ਫੌਜਦਾਰਾਂ ਅਤੇ ਵੱਡੇ ਵੱਡੇ ਜਿਮੀਂਦਾਰਾਂ ਨੂੰ ਮਦਦ ਲਈ ਸੱਦ ਬੁਲਾਇਆ ਅਤੇ ਹਮਾਇਤੀਆਂ ਦੀ ਵੱਧ ਤੋਂ ਵੱਧ ਜਮਾਤ ਜਮ੍ਹਾਂ ਕਰਨ ਲਈ ਸਿੱਖਾਂ ਦੇ ਵਿਰੁੱਧ ਇਸਲਾਮੀ ਜਹਾਦ ਦਾ ਐਲਾਨ ਕਰ ਦਿੱਤਾ। ਜਹਾਦ ਦਾ ਡਗਾ ਵੱਜਣ ਦੀ ਦੇਰ ਸੀ ਕਿ ਆਲੇ ਦੁਆਲਿਓਂ ਦੂਰ ਨੇੜਿਓਂ ਆ ਰਹੀਆਂ ਸਰਕਾਰੀ ਫੌਜਾਂ ਦੇ ਨਾਲੋ ਨਾਲ ਗਾਜ਼ੀਆਂ ਦੇ ਝੁਰਮਟ ਵਜ਼ੀਰ ਖਾਨ ਪਾਸ ਆ ਇਕੱਠੇ ਹੋਏ। ਉਸ ਨੇ ਸਿੱਕੇ ਅਤੇ ਬਰੂਦ ਦੇ ਕੋਠੇ ਭਰ ਲਏ ਅਤੇ ਸਿੰਘਾਂ ਦਾ ਟਾਕਰਾ ਕਰਨ ਲਈ ਤੋਪਾਂ ਦੀ ਲਾਮ ਡੋਰੀ ਅਤੇ ਹਾਥੀ ਲੈ ਆਂਦੇ। ਖਾਫ਼ੀ ਖਾਨ 'ਮੁੰਤਖੱਬੁਲ-ਲੁਬਾਬ` ਵਿਚ ਵਜ਼ੀਰ ਖ਼ਾਨ ਦੀ ਸਾਰੀ ਫੌਜ ਦੀ ਗਿਣਤੀ ਪੰਦਰਾਂ ਹਜ਼ਾਰ ਦੱਸਦਾ ਹੈ ਜਿਸ ਵਿਚ ਸੱਤ ਅੱਠ ਹਜ਼ਾਰ ਬੰਦੂਕਚੀ ਬਰਕੰਦਾਜ਼, ਪੰਜ ਛੇ ਹਜ਼ਾਰ ਘੋੜ-ਚੜ੍ਹੇ ਅਤੇ ਇਨ੍ਹਾਂ ਨਾਲ ਤੋਪਚੀ, ਤੋਪਾਂ ਅਤੇ ਹਾਥੀ ਸਨ। ਮੁਹੰਮਦ ਹਾਰਿਸੀ 'ਇਬਰਤਨਾਮੇ` ਵਿਚ ਇਹ ਗਿਣਤੀ ਬਾਰਾਂ ਹਜ਼ਾਰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਇਨ੍ਹਾਂ ਨੂੰ ਉਚੇਚਾ ਇਸ ਮੁਹਿੰਮ ਲਈ ਇਕੱਠਾ ਕੀਤਾ ਗਿਆ ਸੀ।

ਦੂਸਰੇ ਪਾਸੇ ਬੰਦਾ ਸਿੰਘ ਪਾਸ ਤਿੰਨ ਕਿਸਮ ਦੇ ਆਦਮੀ ਸਨ। ਪਹਿਲੇ ਉਹ ਸੱਚੇ ਸੁੱਚੇ ਅਤੇ ਆਗਿਆਕਾਰ ਦਰਿੜ੍ਹ ਸਿੰਘ ਸਨ ਜਿਨ੍ਹਾਂ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋ ਚੁੱਕੀ ਸੀ ਅਤੇ ਜਿਨ੍ਹਾਂ ਦੇ ਅੰਦਰ ਗੁਰੂ ਮਹਾਰਾਜ ਦੀ ਜਗਾਈ ਹੋਈ ਧਰਮ ਅਤੇ ਦੇਸ਼ ਲਈ ਕੁਰਬਾਨੀ ਦੀ ਜੋਤ ਜਗ ਰਹੀ ਸੀ। ਇਨ੍ਹਾਂ ਵਿਚੋਂ ਕੁਝ ਤਾਂ ਬੰਦਾ ਸਿੰਘ ਦੇ ਨਾਲ ਦੱਖਣ ਤੋਂ ਆਏ ਸਨ ਅਤੇ ਬਾਕੀ ਸਤਿਗੁਰੂ ਦੇ ਹੁਕਮਨਾਮੇ ਪੁੱਜਣ ਪਰ ਧਰਮ ਯੁੱਧ ਲਈ ਸਿਰ ਤਲੀ ਤੇ ਰੱਖ ਕੇ ਆਏ ਸਨ। ਇਨ੍ਹਾਂ ਸਿਰ ਲੱਥ ਸੂਰਿਆਂ ਦੇ ਸਾਹਮਣੇ ਇਕੋ ਨਿਸ਼ਾਨਾ ਸੀ, ਗੁਰੂ ਦੇ ਹੁਕਮ ਅਨੁਸਾਰ ਦੇਸ਼ ਅਤੇ ਧਰਮ ਦੀ ਸੇਵਾ। ਇਨ੍ਹਾਂ ਦਾ ਨਾ ਕੋਈ ਨਿਜੀ ਸੁਆਰਥ ਸੀ ਅਤੇ ਨਾ ਧਨ ਜਾਂ ਲੁੱਟ ਦਾ ਲਾਲਚ। ਬਲਕਿ ਇਨ੍ਹਾਂ ਵਿਚੋਂ ਸੈਂਕੜੇ ਹਥਿਆਰ ਖਰੀਦਣ ਲਈ ਘਰ ਦਾ ਮਾਲ ਮਤਾਹ ਵੇਚ ਕੇ ਬੰਦਾ ਸਿੰਘ ਨਾਲ ਆ ਰਲੇ ਸਨ।

ਦੂਸਰੀ ਕਿਸਮ ਦੇ ਉਹ ਲੋਕ ਸਨ ਜਿਨ੍ਹਾਂ ਨੂੰ ਫੂਲਕਿਆਂ ਆਦਿ ਉਨ੍ਹਾਂ ਸਰਦਾਰਾਂ ਨੇ ਤਨਖ਼ਾਹਾਂ ਉਤੇ ਭਰਤੀ ਕਰਕੇ ਭੇਜਿਆ ਸੀ ਜੋ ਆਪ ਤਾਂ ਕੁਝ ਕਾਰਨਾਂ ਕਰਕੇ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਨਹੀਂ ਸਨ ਹੋ ਸਕੇ ਪਰ ਉਨ੍ਹਾਂ ਦੀ ਹਮਦਰਦੀ ਸਿੰਘਾਂ ਦੇ ਨਾਲ ਸੀ ਅਤੇ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦੇ ਚਾਹਵਾਨ ਸਨ।

ਤੀਸਰੇ ਉਹ ਆਜ਼ਾਦ ਮਨਚਲੇ ਸਨ ਜੋ ਕੇਵਲ ਲੁੱਟ ਅਤੇ ਮਾਲ ਦੇ ਲਾਲਚ ਨਾਲ ਬੰਦਾ ਸਿੰਘ ਦੇ ਦਲ ਵਿਚ ਰਲੇ ਹੋਏ ਸਨ। ਇਨ੍ਹਾਂ ਵਿਚ ਬਹੁਤ ਸਾਰੇ ਪੇਸ਼ਾਵਰ ਧਾੜਵੀ ਅਤੇ ਲੁਟੇਰੇ ਸਨ ਜੋ ਇਕੱਲੇ ਰਾਹੀਆਂ ਜਾਂ ਵਪਾਰੀਆਂ ਦੇ ਕਾਫ਼ਲਿਆਂ ਨੂੰ ਲੁੱਟਣ ਦੀ ਥਾਂ ਸ਼ਹਿਰਾਂ ਅਤੇ ਕਸਬਿਆਂ ਨੂੰ ਲੁੱਟ ਸਕਣ ਦਾ ਮੌਕਾ ਦੇਖ ਕੇ ਆ ਇਕੱਠੇ ਹੋਏ ਸਨ। ਇਨ੍ਹਾਂ ਨਾਲ ਹੀ ਕੁਝ ਕੁ ਉਹ ਦੁਖੀ ਕਿਸਾਨ ਜਾਂ ਦੂਸਰੇ ਲੋਕ ਸਨ ਜੋ ਆਪਣੀਆਂ ਨਿਜੀ ਕਿੜਾਂ ਅਤੇ ਰੰਜਸ਼ਾਂ ਕੱਢਣ ਲਈ ਕਿਸੇ ਵੇਲੇ ਦੀ ਤਾੜ ਵਿਚ ਸਨ। ਵਿਸ਼ੇਸ਼ ਕਰਕੇ ਇਹ ਲੋਕ ਸਨ ਜੋ ਸਿੰਘਾਂ ਦੀਆਂ ਇਸ ਵੇਲੇ ਦੀਆਂ ਮੁਹਿੰਮਾਂ ਵਿਚ ਲੁੱਟ ਮਾਰ ਅਤੇ ਕਈ ਥਾਈਂ ਅੰਨ੍ਹੇ ਵਾਹ ਕਤਲਾਂ ਦੇ ਜ਼ਿੰਮੇਵਾਰ ਸਨ। ਇਹ ਕੋਈ ਨਵੀਂ ਗੱਲ ਨਹੀਂ ਸੀ। ਹੋਰ ਤਾਂ ਹੋਰ, ਖ਼ੁਦ ਬਾਬਰ ਬਾਦਸ਼ਾਹ ਆਪਣੀ ਤਿਜ਼ੁਕ ਵਿਚ ਇਸ ਕਿਸਮ ਦੇ ਲੁਟੇਰਿਆਂ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ, 'ਜਦ ਭੀ ਮੈਂ ਹਿੰਦੁਸਤਾਨ ਵਿਚ ਦਾਖ਼ਲ ਹੋਇਆ, ਅਣਗਿਣਤ ਜੱਟ ਅਤੇ ਗੁੱਜਰ ਬਲਦ ਅਤੇ ਮੱਝਾਂ ਲੁੱਟਣ ਲਈ ਆਪਣੇ ਜੰਗਲਾਂ ਅਤੇ ਪਹਾੜਾਂ ਵਿਚੋਂ ਨਿਕਲ ਆਉਂਦੇ। ੀ।ੲ। ਬਦਮਾਸ਼ ਸਨ ਜਿਹੜੇ ਕਿ ਅਸਲ ਵਿਚ ਲੋਕਾਂ ਉਤੇ ਸਖ਼ਤੀਆਂ ਕਰਦੇ ਸਨ ਅਤੇ ਦੇਸ਼ ਵਿਚ ਅਤਿਆਚਾਰ ਦੇ ਗੁਨਾਹਗਾਰ ਸਨ।` ਇਸ ਤਰ੍ਹਾਂ ਦੇ ਬੰਦੇ ਬੜੇ ਖ਼ਤਰਨਾਕ ਅਤੇ ਵਿਸਾਹਘਾਤੀ ਹੁੰਦੇ ਹਨ ਅਤੇ ਬੰਦਾ ਸਿੰਘ ਦੀਆਂ ਲੜਾਈਆਂ ਵਿਚ ਭੀ ਕਈ ਵਾਰੀ ਦੇਖਿਆ ਗਿਆ ਕਿ ਜਦ ਕਦੇ ਵੀ ਹਾਰ ਹੋਣ ਦਾ ਡਰ ਲੱਗਾ, ਇਹ ਲੋਕ ਗਹਿ ਗਚ ਲੜਾਈ ਵਿਚੋਂ ਭੱਜ ਨਿਕਲੇ।

ਬੰਦਾ ਸਿੰਘ ਪਾਸ ਨਾ ਤਾਂ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ, ਬਲਕਿ ਉਸ ਦੇ ਸਾਰੇ ਆਦਮੀਆਂ ਲਈ ਘੋੜੇ ਵੀ ਪੂਰੇ ਨਹੀਂ ਸਨ। ਲੰਮੇ ਨੇਜ਼ੇ, ਤੀਰ ਕਮਾਨ ਅਤੇ ਤਲਵਾਰਾਂ ਹੀ ਸਿੰਘਾਂ ਪਾਸ ਸਾਰਾ ਲੜਾਈ ਦਾ ਸਾਮਾਨ ਸੀ। ਪਰ ਬੰਦਾ ਸਿੰਘ ਅਤੇ ਉਸ ਦੇ ਸ਼ਰਧਾਲੂ ਸਿੰਘਾਂ ਦੀ ਅਜਿੱਤ ਦਲੇਰੀ ਅਤੇ ਅਠੱਲ੍ਹ ਫੁਰਤੀ ਬਹੁਤ ਹੱਦ ਤਕ ਸਾਮਾਨ ਦੇ ਘਾਟੇ ਨੂੰ ਪੂਰਾ ਕਰ ਰਹੀ ਸੀ। ਉਸ ਨੂੰ ਜੇ ਸਭ ਤੋਂ ਵੱਧ ਭਰੋਸਾ ਸੀ ਤਾਂ ਉਹ ਸੀ ਧਰਮ ਯੁੱਧ ਲਈ ਉਸ ਉਤਸ਼ਾਹ ਅਤੇ ਸਾਹਸ ਦਾ ਜੋ ਸਰਹੰਦ ਨੂੰ ਦੇਖਦੇ ਸਾਰ ਸਾਹਿਬਜ਼ਾਦਿਆਂ ਉਤੇ ਹੋਏ ਜ਼ੁਲਮ ਦਾ ਧਿਆਨ ਕਰਕੇ ਸਿੰਘਾਂ ਦੇ ਮਨਾਂ ਵਿਚ ਪੈਦਾ ਹੋ ਜਾਣਾ ਸੀ। ਸਰਹੰਦ ਉਤੇ ਹੱਲੇ ਵੇਲੇ ਸਿੰਘਾਂ ਦੀ ਤਾਕਤ ਕਿੰਨੀ ਕੁ ਹੋ ਗਈ ਸੀ, ਇਸ ਦਾ ਸਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ। ਖ਼ਾਫ਼ੀ ਖ਼ਾਨ ਕਹਿੰਦਾ ਹੈ ਕਿ ਸਿੱਖਾਂ ਦੀ ਗਿਣਤੀ ਤੀਹ ਚਾਲੀ ਹਜ਼ਾਰ ਹੋ ਗਈ ਸੀ। ਪਰ ਇਹ ਗਿਣਤੀ ਮੁਸਲਮਾਨਾਂ ਦੀ ਗਿਣਤੀ ਨਾਲੋਂ ਬਹੁਤ ਵੱਧ ਦੱਸਣ ਲਈ ਬਹੁਤ ਵਧਾ ਕੇ ਦਿੱਤੀ ਹੋਈ ਜਾਪਦੀ ਹੈ।

ਬੰਦਾ ਸਿੰਘ ਦੀਆਂ ਸਰਹੰਦ ਉਤੇ ਹੱਲਾ ਕਰਨ ਦੀ ਤਿਆਰੀ ਦੀਆਂ ਖਬਰਾਂ ਪੁੱਜਦੇ ਸਾਰ ਫੌਜਦਾਰ ਵਜ਼ੀਰ ਖਾਨ ਘੋੜ ਚੜ੍ਹਿਆਂ, ਬਰਕੰਦਾਜ਼ਾਂ, ਤੀਰ ਕਮਾਨੀਆਂ ਅਤੇ ਤੋਪਚੀਆਂ ਆਦਿ ਦੀ ਵੀਹ ਕੁ ਹਜ਼ਾਰ ਦੀ ਫੌਜ ਅਤੇ ਹਾਥੀਆਂ ਦੀ ਲਾਮ ਡੋਰੀ ਲੈ ਕੇ ਸਿੰਘਾਂ ਦਾ ਅੱਗਾ ਰੋਕਣ ਲਈ ਆਪ ਸਰਹਿੰਦੋਂ ਚੜ੍ਹ ਪਿਆ। ਉਧਰ ਬੰਦਾ ਸਿੰਘ ਨੂੰ ਭੀ ਵਜ਼ੀਰ ਖਾਨ ਦੀ ਚੜ੍ਹਾਈ ਦੀ ਸੂਹ ਲੱਗ ਗਈ ਅਤੇ ਉਹ ਭੀ ਟਾਕਰੇ ਲਈ ਤੁਰ ਪਿਆ। ਉਸ ਨੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ ਆਦਿ ਸਿਰ ਕੱਢ ਆਗੂਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਹੋ ਸਕੇ ਵਜ਼ੀਰ ਖਾਨ ਨੂੰ ਫੜ ਲਿਆ ਜਾਵੇ ਅਤੇ ਜਿਉਂਦਾ ਬਚ ਕੇ ਨਾ ਜਾਣ ਦਿੱਤਾ ਜਾਵੇ, ਉਨ੍ਹਾਂ ਸਾਰੇ ਮੁਸਲਮਾਨਾਂ ਨੂੰ ਜੋ ਚੁਪ ਚਾਪ ਈਨ ਮੰਨ ਲੈਣ ਅਤੇ ਹਿੰਦੂਆਂ ਨੂੰ, ਜੋ ਬੋਦੀ ਵਿਖਾ ਦੇਣ, ਕੁਝ ਨਾ ਕਿਹਾ ਜਾਏ। ਬਾਕੀ ਜੋ ਅੜੇ ਸੋ ਝੜੇ। ਚੱਪੜ-ਚਿੜੀ ਦੀ ਜੂਹ ਵਿਚ 12 ਮਈ ਸਨ 1710 ਈ. ਨੂੰ ਜੁਮੇ ਦੇ ਦਿਨ ਦੋਹਾਂ ਦਲਾਂ ਦਾ ਭੇੜ ਹੋ ਗਿਆ।

ਬੰਦਾ ਸਿੰਘ ਨੇ ਸਿੰਘ ਦਲ ਦੀ ਕਮਾਨ ਭਾਈ ਫਤਿਹ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਅਤੇ ਸ਼ਾਮ ਸਿੰਘ ਦੇ ਹਵਾਲੇ ਕਰ ਦਿੰਤੀ ਅਤੇ ਆਪ ਵਿਚਕਾਰ ਲਾਗੇ ਦੇ ਇਕ ਟਿੱਬੇ ਉੱਤੇ ਹੋ ਕੇ ਫੌਜ ਦੀ ਚਾਲ ਵੇਖਣ ਅਤੇ ਲੋੜ ਅਨੁਸਾਰ ਹੁਕਮ ਦੇਣ ਲਈ ਚੜ੍ਹ ਖੜੋਤਾ। ਲੜਾਈ ਲਗਦੇ ਸਾਰ ਜਦ ਨਵਾਬ ਦੀਆਂ ਤੋਪਾਂ ਨੇ ਅੱਗ ਵਰ੍ਹਾਉਣੀ ਸ਼ੁਰੂ ਕੀਤੀ ਤਾਂ ਧਾੜਵੀ ਅਤੇ ਲੁਟੇਰੇ ਜਿਨ੍ਹਾਂ ਦੀ ਕੋਈ ਸਾਂਝੀ ਕਮਾਨ ਨਹੀਂ ਸੀ ਅਤੇ ਜੋ ਆਏ ਹੀ ਲੁੱਟ ਦੇ ਲਾਲਚ ਨਾਲ ਸਨ, ਪੱਤਰਾ ਵਾਚ ਗਏ। ਇਨ੍ਹਾਂ ਤੋਂ ਛੇਤੀ ਬਾਅਦ ਸੁੱਚਾ ਨੰਦ ਪੇਸ਼ਕਾਰ ਦਾ ਭਤੀਜਾ ਆਪਣੇ ਸਾਥੀਆਂ ਸਣੇ ਭੱਜ ਨਿਕਲਿਆ। ਉਹ ਤਾਂ ਖੈਰ ਰਲਿਆ ਹੀ ਇਸੇ ਬਦਨੀਅਤ ਨਾਲ ਸੀ ਕਿ ਉਸ ਨੂੰ ਭਜਦੇ ਦੇਖ ਕੇ ਸਿੱਖਾਂ ਵਿਚ ਵੀ ਭਗਦੜ ਮੱਚ ਜਾਏਗੀ ਅਤੇ ਉਹ ਮੈਦਾਨ ਖਾਲੀ ਕਰ ਜਾਣਗੇ। ਇਸ ਦੀ ਇਹ ਚਾਲ ਕੁਝ ਕੁ ਸਫ਼ਲ ਭੀ ਹੋ ਗਈ ਅਤੇ ਸਿੰਘਾਂ ਵਿਚ ਹਿਲ ਜੁਲ ਪੈ ਗਈ। ਇਹ ਦੇਖ ਕੇ ਬਾਜ ਸਿੰਘ ਘੋੜਾ ਭਜਾ ਕੇ ਬੰਦਾ ਸਿੰਘ ਪਾਸ ਪੁੱਜਾ। ਉਹ ਇਕ ਸੂਰਬੀਰ ਜਰਨੈਲ ਦੀ ਤਰ੍ਹਾਂ ਇਕ ਦਮ ਆਪਣੀ ਫੌਜ ਦੇ ਅੱਗੇ ਆ ਪੁੱਜਾ ਅਤੇ ਬੜੀ ਦਲੇਰੀ ਅਤੇ ਨਿਰਭੈਤਾ ਨਾਲ ਸਿੰਘਾਂ ਨੂੰ ਜੋੜ ਕੇ ਵੈਰੀ ਉਤੇ ਟੁੱਟ ਪਿਆ। ਹੁਣ ਸਿੰਘਾਂ ਦੇ ਹੌਸਲੇ ਵੱਧ ਗਏ ਅਤੇ ਉਨ੍ਹਾਂ ਦੇ ਪੈਰ ਮੁੜ ਜੰਮ ਗਏ। 'ਵਾਹਿਗੁਰੂ ਜੀ ਕੀ ਫਤਹਿ` ਅਤੇ 'ਸਤਿ ਸ੍ਰੀ ਅਕਾਲ` ਦੇ ਜੈਕਾਰੇ ਗਜਾਉਂਦੇ ਹੋਏ ਉਹ ਲੋਹੇ ਦੀ ਇੰਜਨਦਾਰ ਦੀਵਾਰ ਵਾਂਗ ਵੈਰੀ ਉਤੇ ਜਾ ਪਏ ਅਤੇ ਅਗਲੀ ਕਤਾਰ ਦੇ ਕੁਝ ਸਿੰਘ ਭਗਾਉਤੀਆਂ ਸੂਤ ਕੇ ਹਾਥੀਆਂ ਨੂੰ ਜਾ ਟੱਕਰੇ। ਦੋਂਹ ਨੂੰ ਭੋਇੰ ਡੇਗ ਲਿਆ ਅਤੇ ਕਈਆਂ ਨੂੰ ਜਖ਼ਮੀ ਕਰ ਦਿੱਤਾ। ਚੰਗਿਆੜਾਂ ਮਾਰਦੇ ਜ਼ਖ਼ਮੀ ਹਾਥੀ ਪਿਛੇ ਨੂੰ ਮੁੜ ਪਏ ਅਤੇ ਲਗ ਪਏ ਆਪਣੀ ਹੀ ਫੌਜ ਨੂੰ ਦਰੜਨ। ਮੁਸਲਮਾਨ ਫੌਜੀ ਸਿੰਘਾਂ ਦੇ ਲਗਾਤਾਰ ਖੂੰਖ਼ਾਰ ਹੱਲਿਆ ਦੇ ਸਾਹਮਣੇ ਖੜ੍ਹ ਨਾ ਸਕੇ ਅਤੇ ਖਾਫ਼ੀ ਖ਼ਾਂ ਦੇ ਸ਼ਬਦਾਂ ਵਿਚ, 'ਬਹੁਤ ਸਾਰੇ ਸ਼ਹੀਦੀਆਂ ਪਾ ਗਏ।` ਸ਼ੇਰ ਮੁਹੰਮਦ ਖਾਨ ਅਤੇ ਖੁਆਜਾ ਅਲੀ ਮਲੇਰ ਕੋਟਲੀਏ ਭੀ ਮਾਰੇ ਗਏ। 'ਅਹਿਵਾਲਿ ਸਲਾਤੀਨਿ ਹਿੰਦ` ਦਾ ਕਰਤਾ ਲਿਖਦਾ ਹੈ ਕਿ 'ਸਿੱਖਾਂ ਨੇ ਮੁਸਲਮਾਨੀ ਫੌਜ ਦੇ ਰੂਬਰੂ ਆ ਕੇ ਬੜੀ ਤੇਜ਼ੀ ਨਾਲ ਬੰਦੂਕਾਂ ਦੀ ਵਾੜ ਝਾੜੀ ਅਤੇ ਲੜਾਈ ਨੂੰ ਹੱਥੋ ਹੱਥੀ ਅਤੇ ਹੂਰੇ ਮੁੱਕੀ ਉੱੇਤੇ ਲੈ ਆਂਦਾ। ਆਦਮੀ ਇਸ ਬਹਾਦਰੀ ਨਾਲ ਲੜੇ ਕਿ ਕਾਫ਼ਰਾਂ ਦੇ ਮੁਰਦਿਆਂ ਦੇ ਢੇਰਾਂ ਦੇ ਢੇਰ ਜ਼ਮੀਨ ਉੱਤੇ ਲੱਗ ਗਏ ਅਤੇ ਜੰਗ ਦੇ ਮੈਦਾਨ ਵਿਚ ਚੌਹੀਂ ਪਾਸੀ ਕਿਆਮਤ ਦੇ ਦਿਨ ਵਾਲਾ ਸ਼ੋਰ ਮਚ ਗਿਆ। ਆਖਰ ਮੁਸਲਮਾਨਾਂ ਦੀ ਸਾਰੀ ਫੌਜ ਮਾਰੀ ਗਈ ਅਤੇ ਵਜ਼ੀਰ ਖ਼ਾਨ ਨੇ ਬਾਜ਼ ਸਿੰਘ ਦੇ ਰੂਬਰੂ ਹੋ ਕੇ ਉਸ ਨੂੰ ਲਲਕਾਰਿਆ ਅਤੇ ਨੇਜ਼ਾ ਹੱਥ ਲੈ ਕੇ ਉਸ ਨੂੰ ਮਾਰਿਆ। ਬਾਜ ਸਿੰਘ ਨੇ ਨੇਜਾ ਵਜ਼ੀਰ ਖਾਨ ਦੇ ਹੱਥੋਂ ਖੋਹ ਲਿਆ ਅਤੇ ਉਸ ਦੇ ਘੋੜੇ ਦੇ ਸਿਰ ਵਿਚ ਮਾਰ ਕੇ ਉਸ ਨੂੰ ਜਖ਼ਮੀ ਕਰ ਦਿੱਤਾ। ਕੁਝ ਚਿਰ ਪਿਛੋਂ ਵਜ਼ੀਰ ਖ਼ਾਨ ਨੇ ਇਕ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਬਾਜ਼ ਸਿੰਘ ਦੀ ਬਾਂਹ ਉਤੇ ਮਾਰਿਆ ਅਤੇ ਤਲਵਾਰ ਸੂਤ ਕੇ ਉਸ ਵਲ ਨੂੰ ਵਧਿਆ ਕਿ ਉਸ ਨੂੰ ਮਾਰ ਮੁਕਾਏ। ਇਸ ਵੇਲੇ ਫਤਿਹ ਸਿੰਘ ਨੇ, ਜੋ ਪਿਛਲੇ ਪਾਸੇ ਖੜੋਤਾ ਸੀ, ਆਪਣੀ ਕਿਰਪਾਨ ਮਿਆਨ `ਚੋਂ ਧੂ ਕੇ ਇੰਨੀ ਬਹਾਦਰੀ ਅਤੇ ਜ਼ੋਰ ਨਾਲ ਵਜ਼ੀਰ ਖਾਨ ਦੀ ਪੇਟੀ ਉਤੇ ਮਾਰੀ ਕਿ ਉਹ ਮੋਢੇ ਤੋਂ ਲੈ ਕੇ ਕਮਰ ਤਕ ਚੀਰਦੀ ਸਾਫ ਨਿਕਲ ਗਈ ਅਤੇ ਨਵਾਬ ਦਾ ਸਿਰ ਭੋਇੰ `ਤੇ ਜਾ ਡਿੱਗਿਆ।` ਹੁਣ ਬਾਕੀ ਬਚੇ ਲਸ਼ਕਰ ਵਿਚ ਗੜਬੜ ਮੱਚ ਗਈ ਅਤੇ ਰੌਲਾ ਪੈ ਗਿਆ। ਇਸ ਵੇਲੇ ਸਿੰਘ ਝੁੰਜਲਾ ਕੇ ਉਨ੍ਹਾਂ ਉੱਤੇ ਟੁੱਟ ਪਏ ਅਤੇ ਖਾਫ਼ੀ ਖਾਨ ਦੇ ਕਥਨ ਅਨੁਸਾਰ, 'ਇਸਲਾਮੀ ਲਸ਼ਕਰ ਦਾ ਇਕ ਬੰਦਾ ਭੀ ਸਿਵਾਏ ਆਪਣੀ ਜਾਨ ਅਤੇ ਤਨ ਦੇ ਕਪੜਿਆਂ ਤੋਂ ਬਗੈਰ ਕੁਝ ਹੋਰ ਨਾ ਬਚਾ ਸਕਿਆ। ਅਣਗਿਣਤ ਘੋੜ-ਚੜ੍ਹੇ ਅਤੇ ਪਿਆਦੇ ਸਿੰਘਾਂ ਦੀਆਂ ਤਲਵਾਰਾਂ ਹੇਠ ਸ਼ਹੀਦ ਹੋ ਗਏ।` ਵਜ਼ੀਰ ਖਾਨ ਦੀ ਫੌਜ ਨੂੰ ਪੂਰੀ ਤਰ੍ਹਾਂ ਹਾਰ ਹੋ ਗਈ ਅਤੇ ਉਹ ਮੈਦਾਨ ਛੱਡ ਕੇ ਹਰਨ ਹੋ ਗਈ। ਵਿਜਈ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘ ਹੁਣ ਮੈਦਾਨ ਦੇ ਮਾਲਕ ਸਨ ਅਤੇ ਇਸ ਫਤਿਹ ਨੂੰ ਉਹ ਵਾਹਿਗੁਰੂ ਦੀ ਬਖਸ਼ਿਸ਼ ਸਮਝਦੇ ਸਨ ਅਤੇ ਉਨ੍ਹਾਂ ਦੇ 'ਵਾਹਿਗੁਰੂ ਜੀ ਕੀ ਫਤਿਹ` ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ। ਸਰਹੰਦ ਇਥੋਂ ਦਸ ਕੁ ਮੀਲ ਦੀ ਵਿੱਥ ਉੱਤੇ ਸੀ। ਸਿੰਘਾਂ ਨੇ ਉਥੇ ਨੂੰ ਕੂਚ ਕੀਤਾ। ਸ਼ਹਿਰ ਨੇ ਵਿਜਈਆਂ ਦਾ ਬਹੁਤਾ ਟਾਕਰਾ ਨਹੀਂ ਕੀਤਾ, ਪਰ ਕਿਲੇ ਦੀ ਇਕ ਤੋਪ ਚੋਖਾ ਚਿਰ ਅੱਗ ਵਰ੍ਹਾਉਂਦੀ ਰਹੀ ਜਿਸ ਨਾਲ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ। ਬੰਦਾ ਸਿੰਘ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਇਸ ਤੋਪ ਨੂੰ ਚੁਪ ਕਰਾਉਣ। ਕੁਝ ਸਿੰਘਾਂ ਨੇ ਚੋ ਦੇ ਲਾਗੇ ਇਕ ਭੱਠੇ ਦੀ ਥੇਹ ਉੱਤੇ ਚੜ੍ਹ ਕੇ ਬੰਦੂਕਾਂ ਦੀ ਇਕ ਅਜਿਹੀ ਵਾੜ ਝਾੜੀ ਕਿ ਉਸ ਦੇ ਤੋਪਚੀ ਉਡਾ ਦਿੱਤੇ ਅਤੇ ਤੋਪ ਨਿਕੰਮੀ ਕਰ ਦਿੱਤੀ। ਫਿਰ ਕਿਲੇ ਉੱਤੇ ਹੱਲਾ ਕੀਤਾ ਗਿਆ। ਇਸ ਵਿਚ ਕੋਈ ਪੰਜ ਕੁ ਸੌ ਸਿੰਘ ਸ਼ਹੀਦ ਹੋਏ। ਜਿਥੇ ਇਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ ਉਥੇ ਸ਼ਹੀਦ ਗੰਜ ਬਣਿਆ ਹੋਇਆ ਹੈ।

14 ਮਈ ਸੰਨ 1710 ਈ. ਨੂੰ ਸਿੰਘ ਸਰਹੰਦ ਵਿਚ ਦਾਖ਼ਲ ਹੋ ਗਏ। ਸਾਹਿਬਜ਼ਾਦਿਆਂ ਦੇ ਕਤਲ ਦੀ ਯਾਦ ਤਾਜ਼ਾ ਹੋ ਜਾਣ ਨਾਲ ਸਿੰਘਾਂ ਦਾ ਰੋਹ ਜਾਗ ਉੱਠਿਆ। ਇਸ ਹਾਲਤ ਵਿਚ ਉਨ੍ਹਾਂ ਨੂੰ ਰੋਕ ਸਕਣਾ ਕੋਈ ਸੌਖੀ ਗੱਲ ਨਹੀਂ ਸੀ। ਮੁਸਲਮਾਨੀ ਮਹੱਲਿਆਂ ਵਿਚ ਮਾਰੋ ਮਾਰ ਸ਼ੁਰੂ ਹੋ ਗਈ। ਇਸ ਵੇਲੇ ਲੁਟੇਰਿਆਂ ਦੀਆਂ ਧਾੜਾਂ ਦੀ ਭੀ ਚੜ੍ਹ ਮੱਚ ਗਈ ਅਤੇ ਸ਼ਹਿਰ ਵਿਚ ਆਮ ਲੁੱਟ ਪੈ ਗਈ। ਕਈਆਂ ਨੂੰ ਆਪਣੇ ਨਿਜੀ ਵੈਰ ਕੱਢਣ ਦਾ ਮੌਕਾ ਮਿਲ ਗਿਆ ਅਤੇ ਉਨ੍ਹਾਂ ਨੇ ਉਧਮ ਮਚਾ ਦਿੱਤਾ।

ਆਪਣੇ ਪਿਓ ਦੇ ਮਾਰੇ ਜਾਣ ਅਤੇ ਫ਼ੌਜ ਦੀ ਹਾਰ ਦੀ ਖ਼ਬਰ ਸੁਣਦੇ ਸਾਰ ਵਜ਼ੀਰ ਖਾਨ ਦਾ ਸਭ ਤੋਂ ਵੱਡਾ ਪੁੱਤਰ ਦੌਲਤ ਮੱਲ ਸਭ ਕੁਝ ਛੱਡ ਛਡਾ ਕੇ ਆਪਣੇ ਖਾਨਦਾਨ ਦੇ ਬੰਦੇ ਲੈ ਕੇ ਦਿੱਲੀ ਨੂੰ ਭੱਜ ਗਿਆ ਸੀ। ਇਸੇ ਤਰ੍ਹਾਂ ਹੋਰ ਕਈ ਧਨਾਢ ਲੋਕ ਭੀ ਜੋ ਕੁਝ ਨਾਲ ਚੁੱਕ ਸਕੇ, ਲੈ ਕੇ ਨਿਕਲ ਗਏ ਸਨ। ਕੇਵਲ ਉਹ ਮੁਸਲਮਾਨ ਹੀ ਮਾਰ ਜਾਂ ਲੁੱਟ ਤੋਂ ਬਚ ਸਕੇ ਜਿਨ੍ਹਾਂ ਨੇ ਜਾਂ ਤਾਂ ਭੇਸ ਵਟਾ ਲਿਆ ਜਾਂ ਹਿੰਦੂਆਂ ਦੇ ਘਰਾਂ ਵਿਚ ਲੁਕ ਛੁਪ ਗਏ। ਇਹ ਮਾਰ ਉਨ੍ਹਾਂ ਨੂੰ ਇਸ ਕਰਕੇ ਨਹੀਂ ਸੀ ਪਈ ਕਿ ਉਹ ਮੁਸਲਮਾਨ ਸਨ ਬਲਕਿ ਇਸ ਕਰਕੇ ਕਿ ਉਨ੍ਹਾਂ ਨੇ ਆਪਣੇ ਰਾਜ ਦੇ ਘੁਮੰਡ ਵਿਚ ਗਰੀਬ ਜਨਤਾ ਉਤੇ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਇਹ ਕੋਈ ਵੱਡੀ ਗੱਲ ਨਹੀਂ ਕਿ ਕਿਧਰੇ ਕਿਧਰੇ ਕੋਈ ਬੇਗੁਨਾਹ ਮੁਸਲਮਾਨ ਭੀ ਦਰੜੇ ਗਏ ਹੋਣ। ਅਜਿਹੇ ਵੇਲੇ ਬਹੁਤੀ ਬਾਰੀਕ ਤਮੀਜ਼ ਹੋ ਸਕਣੀ ਮੁਸ਼ਕਲ ਹੁੰਦੀ ਹੈ। ਹਾਕਮਾਂ ਦੀ ਸ਼ਹਿ ਨਾਲ ਜ਼ੁਲਮ ਕਮਾਉਣ ਵਾਲੇ ਹਿੰਦੂਆਂ ਨੂੰ ਭੀ ਵੀ ਲਪੇਟ ਲਿਆ ਗਿਆ। ਖਾਸ ਕਰ ਸੁੱਚਾ ਨੰਦ ਪੇਸ਼ਕਾਰ ਦੇ ਵਿਰੁੱਧ ਲੋਕਾਂ ਨੂੰ ਬਹੁਤ ਗੁੱਸਾ ਸੀ। ਇਸ ਨੇ ਹੀ ਸ਼ੇਖ ਸਾਅਦੀ ਦਾ ਕਥਨ ਕਿ 'ਸੱਪ ਨੂੰ ਮਾਰਨਾ ਤੇ ਸਪੋਲੀਆਂ ਨੂੰ ਪਾਲਣਾ ਅਕਲਮੰਦਾਂ ਦਾ ਕੰਮ ਨਹੀਂ, ਬਘਿਆੜ ਦਾ ਬੱਚਾ ਆਖਰ ਬਘਿਆੜ ਹੀ ਹੁੰਦਾ ਹੈ` ਸੁਣਾ ਕੇ ਵਜ਼ੀਰ ਖਾਨ ਨੂੰ ਅੰਤੇ ਵੇਲੇ ਹੋਰ ਜ਼ਿਆਦਾ ਭੜਕਾ ਦਿੱਤਾ ਸੀ। ਪਰ ਇਹ ਚਲਾਕ ਬੰਦਾ ਸੀ। ਬਚ ਕੇ ਨਿਕਲ ਗਿਆ। ਪਰ ਇਸ ਦਾ ਘਰ ਘਾਟ ਲੁੱਟ ਪੁੱਟ ਕੇ ਬਰਬਾਦ ਕਰ ਦਿਤਾ ਗਿਆ। 'ਇਬਰਤ ਨਾਮੇ` ਦਾ ਕਰਤਾ ਮੁਹੰਮਦ ਕਾਸਿਮ ਲਿਖਦਾ ਹੈ ਕਿ 'ਖਾਸ ਕਰਕੇ ਵਜ਼ੀਰ ਖਾਨ ਦੇ ਪੇਸ਼ਕਾਰ ਸੁੱਚਾ ਨੰਦ ਦੀ ਹਵੇਲੀ ਅਤੇ ਮਾਲ ਦੌਲਤ ਜਿਵੇਂ ਇਸੇ ਦਿਨ ਲਈ ਹੀ ਬਣੇ ਅਤੇ ਜਮ੍ਹਾਂ ਕੀਤੇ ਹੋਏ ਸਨ ਕਿ ਸੁਰਗਾਂ ਵਰਗੇ ਮਹੱਲ ਕਾਵਾਂ ਦੇ ਅੱਡੇ ਬਣਨ। ਧੰਨ ਹੈ ਉਹ ਰੱਬ ਕਿ ਜਿਸ ਸੱਚੇ ਅਦਾਲਤੀ ਦੀ ਦਰਗਾਹ ਵਿਚੋਂ ਬਲ ਲੈ ਕੇ ਇਕ ਨਿਰਬਲ ਕੀੜੀ ਮਨੁੱਖਾਂ ਦੇ ਦੋਖੀ ਸੱਪ ਨੂੰ ਤੇ ਇਕ ਨਿੱਕਾ ਜਿਹਾ ਕਮਜ਼ੋਰ ਮੱਛਰ ਖੂੰਖਾਰ ਹਾਥੀ ਨੂੰ ਮਾਰ ਦੇਣ ਦਾ ਕਾਰਨ ਬਣ ਜਾਂਦੇ ਹਨ। ਮੈਂ ਆਲੇ ਦੁਆਲੇ ਦੇ ਭੋਰਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ (ਨਵਾਬ ਵਜ਼ੀਰ) ਖਾਨ ਦੀ ਹਕੂਮਤ ਦੀ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈਂ (ਸੁੱਚਾ ਨੰਦ) ਨੇ ਗ਼ਰੀਬਾਂ ਉਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ ਕਿ ਜਿਸ ਦਾ ਫਲ ਇਸ ਨੂੰ ਪ੍ਰਾਪਤ ਹੋਇਆ।` ਵਜ਼ੀਰ ਖਾਨ ਦੀ ਲੁੱਟ ਵਿਚ ਜੋ ਧਨ ਮਾਲ ਵਿਜੱਈਆਂ ਦੇ ਹੱਥ ਆਇਆ ਉਸ ਦਾ ਅੰਦਾਜ਼ਾ ਦੋ ਕਰੋੜ ਦਾ ਲਾਇਆ ਜਾਂਦਾ ਹੈ ਅਤੇ ਹੋਰਨਾਂ ਕੋਲੋਂ ਕੁਝ ਲੱਖ।

ਥੋਰਨਟਨ ਕਹਿੰਦਾ ਹੈ ਕਿ ‘ਸੀਅਰੁਲ-ਮਾਤਖ਼ਰੀਨ (ਅਤੇ ਮੁੰਤਖਬੁਲ-ਲੁਬਾਬ) ਦੇ ਕਰਤਾ ਨੇ ਸਿੱਖਾਂ ਵਲੋਂ ਜ਼ੁਲਮਾਂ ਦਾ ਬੜਾ ਵੇਰਵਾ ਦਿੱਤਾ ਹੋਇਆ ਹੈ, ਪਰ ਇਸ ਗੱਲ ਵਿਚ ਕਿਸੇ ਮੁਸਲਮਾਨ ਖਿਲਾਰੀ ਉਤੇ ਪੱਕਾ ਭਰੋਸਾ ਨਹੀਂ ਕੀਤਾ ਜਾ ਸਕਦਾ।` ਸਿੱਖਾਂ ਦੇ ਨਾਉਂ ਹਰ ਕਿਸਮ ਦੇ ਜ਼ੁਲਮ ਮੜ੍ਹਨ ਲਈ ਬੜੀ ਕਾਮਯਾਬ ਘੜਨ ਸ਼ਕਤੀ ਵਰਤੋਂ ਵਿਚ ਲਿਆਂਦੀ ਗਈ ਹੈ। ਸਿਵਾਏ ਇਕ ਵਾਕੇ ਦੇ ਜਿਸ ਵਿਚ ਕਿ ਸਿੰਘਾਂ ਨੂੰ ਇਕ ਕਬਰ ਪੁੱਟਣੀ ਪਈ ਸੀ ਅਤੇ ਉਹ ਭੀ ਇਕ ਸਿੱਖ ਇਸਤਰੀ ਬੀਬੀ ਅਨੂਪ ਕੌਰ ਦੀ, ਜਿਸ ਨੂੰ ਸ਼ੇਰ ਮੁਹੰਮਦ ਖ਼ਾਨ ਮਲੇਰ ਕੋਟਲੀਆ ਫੜ ਕੇ ਲੈ ਗਿਆ ਸੀ ਅਤੇ ਜਿਸ ਨੇ ਆਪਣਾ ਸਤ ਬਚਾਉਣ ਲਈ ਆਤਮ ਘਾਤ ਕਰ ਲਿਆ ਸੀ ਅਤੇ ਜਿਸ ਨੂੰ ਸ਼ੇਰ ਮੁਹੰਮਦ ਖਾਨ ਦੇ ਹੁਕਮ ਨਾਲ ਕਬਰ ਵਿਚ ਦਫਵਾ ਦਿੱਤਾ ਗਿਆ ਸੀ, ਸਾਰੇ ਸਿੱਖ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ ਜਿਸ ਤੋਂ ਖਾਫ਼ੀ ਖ਼ਾਨ ਆਦਿ ਦੇ ਦੂਖਣਾਂ ਦੀ ਪੁਸ਼ਟੀ ਹੋ ਸਕੇ। ਮੁਸਲਮਾਨ ਮਸੀਤਾਂ ਦੀ ਬੇਹੁਰਮਤੀ ਦਾ ਦੂਖਣ ਭੀ ਉੱਕਾ ਹੀ ਨਿਰਮੂਲ ਹੈ। ਸਰਹੰਦ ਵਿਚ ਸਭ ਤੋਂ ਪ੍ਰਸਿੱਧ ਮੁਸਲਮਾਨੀ ਮਜ਼ਾਰ ਸ਼ੇਖ ਅਹਿਮਦ ਮੁਜੱਦਦ ਅਲਫਸਾਨੀ ਦਾ ਹੈ। ਡਾਕਟਰ ਗੋਕਲ ਚੰਦ ਨਾਰਾਂਗ ਨੇ ਸਰਹਿੰਦ ਦੀ ਬਰਬਾਦੀ ਤੋਂ 202 ਵਰ੍ਹੇ ਪਿਛੋਂ ਸਨ 1912 ਈ. ਵਿਚ ਲਿਖਿਆ ਸੀ ਕਿ ਸਾਰੀਆਂ ਇਮਾਰਤਾਂ ਵਿਚੋਂ ਜ਼ਿਆਦਾ ਸ਼ਾਨਦਾਰ ਅਹਿਮਦ ਸ਼ਾਹ ਦਾ ਮਜ਼ਾਰ ਹੁਣ ਤਕ ਉਸੇ ਤਰ੍ਹਾਂ ਖੜ੍ਹਾ ਹੈ ਜਿਵੇਂ ਕਿ ਲੜਾਈ ਤੋਂ ਪਹਿਲਾਂ ਸੀ।

ਸਰਹੰਦ ਇਕ ਬਹੁਤ ਵੱਡਾ ਅਤੇ ਧਨਾਢ ਸ਼ਹਿਰ ਹੁੰਦਾ ਸੀ, ਪਰ ਇਸ ਬਰਬਾਦੀ ਤੋਂ ਬਾਅਦ ਇਸ ਦੀ ਪੁਰਾਣੀ ਸ਼ਾਨ ਮੱਧਮ ਪੈ ਗਈ। ਜਦ ਇਸ ਸ਼ਹਿਰ ਦੇ ਹਿੰਦੂਆਂ ਨੇ ਬੰਦਾ ਸਿੰਘ ਪਾਸ ਰਹਿਮ ਲਈ ਬੇਨਤੀ ਕੀਤੀ ਅਤੇ ਇਕ ਵੱਡੀ ਰਕਮ ਛੁੜੌਤੀ ਵਜੋਂ ਭਰ ਦਿੱਤੀ ਤਾਂ ਉਸ ਨੇ ਜਾਨ ਬਖਸ਼ੀ ਕਰ ਦਿੱਤੀ ਅਤੇ ਸ਼ਹਿਰ ਨੂੰ ਉਕਾ ਹੀ ਬਰਬਾਦ ਹੋਣੋਂ ਬਚਾ ਲਿਆ। ਇਸ ਦੀ ਅੰਤਮ ਬਰਬਾਦੀ ਜਨਵਰੀ ਸੰਨ 1764 ਈ. ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠ ਸਿੱਖ ਮਿਸਲਦਾਰਾਂ ਦੇ ਹੱਥੋਂ ਹੋਈ। ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੋਈ ਕਹੀ-ਜਾਂਦੀ ਭਵਿੱਖ ਬਾਣੀ ਪਿੱਛੋਂ ਪੂਰੀ ਹੋ ਗਈ ਜਦ ਕਿ ਰੇਲਵੇ ਦਾ ਇਕ ਠੇਕੇਦਾਰ ਇਥੇ ਆ ਪੁੱਜਾ ਅਤੇ ਉਸ ਨੇ ਪੁਰਾਣੇ ਸਰਹੰਦ ਦੇ ਮਕਾਨਾਂ ਦੀਆਂ ਇੱਟਾਂ ਦਾ ਮਲਬਾ ਰੇਲ ਦੀਆਂ ਲੀਹਾਂ ਹੇਠ ਵਿਛਾ ਦਿੱਤਾ। ਹੁਣ ਤਕ ਭੀ ਕਈ ਸ਼ਰਧਾਲੂ ਸਿੱਖ ਉੱਤਰ ਜਾਂ ਦੱਖਣ ਨੂੰ ਸਫ਼ਰ ਕਰਦੇ ਹੋਏ ਇਥੋਂ ਇਕ ਅੱਧੀ ਇੱਟ ਚੁੱਕ ਕੇ ਸਤਲੁਜ ਜਾਂ ਜਮਨਾ ਵਿਚ ਲਿਜਾ ਸੁੱਟਦੇ ਹਨ।

ਸਰਹੰਦ ਉੱਤੇ ਕਬਜ਼ੇ ਤੋਂ ਬਾਅਦ ਬੰਦਾ ਸਿੰਘ ਨੇ ਜਿੱਤੇ ਹੋਏ ਇਲਾਕਿਆਂ ਦੇ ਪ੍ਰਬੰਧ ਵਲ ਧਿਆਨ ਦੇਣਾ ਸ਼ੁਰੂ ਕੀਤਾ। ਨੰਦੇੜ ਤੋਂ ਆਪਣੇ ਨਾਲ ਆਏ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਨਿਯਤ ਕੀਤਾ ਅਤੇ ਆਲੀ ਸਿੰਘ ਨੂੰ ਉਸ ਦਾ ਨਾਇਬ ਬਣਾਇਆ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਹਾਕਮ ਪੱਕਾ ਕਰ ਦਿੱਤਾ ਅਤੇ ਬਾਜ ਸਿੰਘ ਦੇ ਭਰਾ ਰਾਮ ਸਿੰਘ ਨੂੰ ਥਾਨੇਸਰ ਦਾ ਹਾਕਮ ਨੀਯਤ ਕੀਤਾ ਅਤੇ ਬਾਬਾ ਬਿਨੋਦ ਸਿੰਘ ਨੂੰ ਉਸ ਦਾ ਸਾਥੀ ਥਾਪਿਆ। ਸਰਹੰਦ ਨੂੰ ਆਪਣਾ ਕੇਂਦਰੀ ਅੱਡਾ ਬਣਾ ਕੇ ਦੱਖਣ, ਚੜ੍ਹਦੇ ਅਤੇ ਲਹਿੰਦੇ ਨੂੰ ਮੱਖਾਂ ਮਾਰਨ ਲਈ ਫੌਜੀ ਦਸਤੇ ਭੇਜੇ ਗਏ। ਸਿੰਘਾਂ ਦਾ ਕੁਝ ਐਸਾ ਡਰ ਅਤੇ ਰੋਹਬ ਪੈ ਗਿਆ ਕਿ ਕੀ ਮੁਸਲਮਾਨ ਅਤੇ ਕੀ ਹਿੰਦੂ, ਸਭ ਸਰਕਾਰੀ ਅਫ਼ਸਰ ਸਿੰਘਾਂ ਦੇ ਪੁਜਦੇ ਸਾਰ ਈਨ ਮੰਨ ਲੈਣ ਵਿਚ ਹੀ ਸੁਖ ਸਮਝਦੇ। ਇਸ ਤਰ੍ਹਾਂ ਥੋੜੇ ਦਿਨਾਂ ਵਿਚ ਹੀ ਛੱਤੀ ਲੱਖ ਸਾਲਾਨਾ ਦੇ ਸਾਰੇ ਛੋਟੇ ਮੋਟੇ ਪਰਗਣੇ ਸਿੰਘਾਂ ਦੇ ਤਹਿਤ ਵਿਚ ਆ ਗਏ।


No comments:

Post a Comment