Monday, 18 May 2015

 ਭਗਤ ਸੈਣ ਜੀ  

ਭਗਤ ਸੈਣ ਜੀ ਦਾ ਇੱਕ ਸ਼ਬਦ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਉੱਤੇ ਰਾਗ ਧਨਾਸਰੀ ਵਿੱਚ ਅੰਕਿਤ ਹੈ। ਭਗਤ ਸੈਣ ਜੀ ਦਾ ਜਨਮ 1390 ਈ. ਹੈ ਅਤੇ ਅੰਤਿਮ ਸਮਾਂ 1440 ਈ. ਹੈ। ਆਪ ਜੀ ਬਿਦਰ ਦੇ ਰਾਜਾ ਦੇ ਸ਼ਾਹੀ ਨਾਈ ਸਨ ਅਤੇ ਉਸ ਵੇਲੇ ਦੇ ਪ੍ਰਮੁੱਖ ਸੰਤ ਗਿਆਨੇਸ਼੍ਵਰ ਜੀ ਦੇ ਪਰਮ ਸੇਵਕ ਸਨ।

ਗੁਰੂ ਗਰੰਥ ਸਾਹਿਬ ਦੇ ਪੰਨਾ 695 ਉਤੇ ਧਨਾਸਰੀ ਰਾਗ ਵਿਚ ਭਗਤ ਸੈਣ ਜੀ ਦਾ ਇਹ ਸ਼ਬਦ ਦਰਜ ਹੈ:

ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾ ਪਤੀ॥
ਮੰਗਲਾ ਹਰਿ ਮੰਗਲਾ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ॥ਰਹਾਉ॥
ਊਤਮੁ ਦੀਅਰਾ ਨਿਰਮਲ ਬਾਤੀ॥ ਤੁਹੀਂ ਨਿਰੰਜਨੁ ਕਮਲਾ ਪਾਤੀ॥
ਰਾਮਾ ਭਗਤਿ ਰਾਮਾਨੰਦੁ ਜਾਨੈ॥ ਪੂਰਨ ਪਰਮਾਨੰਦੁ ਬਖਾਨੈ॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥ ਸੈਨੁ ਭਣੈ ਭਜੁ ਪਰਮਾਨੰਦੇ॥

ਇਹ ਸ਼ਬਦ ਭਗਤ ਸੈਣ ਦੀ ਪ੍ਰਮਾਤਮਾ ਦੇ ਸਰਗੁਣ ਤੋਂ ਨਿਰਗੁਣ ਸਰੂਪ ਵੱਲ ਵਿਕਸਤ ਹੋਈ ਸਮਝ ਅਤੇ ਵਿਸ਼ਵਾਸ ਦੀ ਯਾਤਰਾ ਨੂੰ ਦਰਸਾਉਂਦਾ ਹੈ। ਰਹਾਓ ਵਾਲੀ ਪੰਕਤੀ ਸਮੇਤ ਸ਼ਬਦ ਦੀਆਂ ਕੁਲ 5 ਸਤਰਾਂ ਹਨ। ਪਰ ਇਹਨਾਂ 5 ਸਤਰਾਂ ਵਿਚ ਪ੍ਰਮਾਤਮਾ ਨੂੰ 7 ਨਾਵਾਂ ਨਾਲ ਯਾਦ ਕੀਤਾ ਗਿਆ ਹੈ, ਜਿਵੇਂ ਕਮਲਾਪਤੀ, ਹਰਿ, ਰਾਮਰਾਇ, ਨਿਰੰਜਨ, ਰਾਮ, ਪਰਮਾਨੰਦੁ ਅਤੇ ਗੋਬਿੰਦ। ਇਸ ਤੋਂ ਭਗਤ ਜੀ ਦੇ ਪ੍ਰਮਾਤਮਾ ਨਾਲ ਸਬੰਧ ਅਤੇ ਲਗਾਓ ਦੀ ਖਬਰ ਮਿਲ ਜਾਂਦੀ ਹੈ। ਅਸੀਂ ਕਿਸੇ ਬੱਚੇ ਨੂੰ ਜਿੰਨਾ ਜ਼ਿਆਦਾ ਲਾਡ ਪਿਆਰ ਕਰਦੇ ਹੋਈਏ ਓਨੇ ਹੀ ਜ਼ਿਆਦਾ ਨਾਵਾਂ ਨਾਲ ਬੁਲਾਉਂਦੇ ਹਾਂ।ਹਰ ਵਾਰ ਨਵੇਂ ਤੋਂ ਨਵੇਂ ਨਾਂ ਨਾਲ ਬੁਲਾਉਣ ਨੂੰ ਮਨ ਕਰਦਾ ਹੈ, ਜਿਵੇਂ ਪਹਿਲੇ ਨਾਵਾਂ ਨਾਲ ਬੁਲਾਉਣ ਤੇ ਹਰ ਵਾਰ ਕੁਝ ਪਿਆਰ ਪ੍ਰਗਟ ਹੋਣੋਂ ਬਚ ਰਹਿੰਦਾ ਹੋਵੇ ਅਤੇ ਅਗਲੀ ਵਾਰੀ ਬਚਦੇ ਪਿਆਰ ਦਾ ਇਜ਼ਹਾਰ ਕਰਨ ਲਈ ਨਵਾਂ ਨਾਂ ਤਲਾਸ਼ਦੇ ਹਾਂ।ਇਕ ਹੋਰ ਵੀ ਉਦਾਹਰਨ ਦੇਖ ਸਕਦੇ ਹਾਂ। ਸਾਡਾ ਆਪਣੇ ਚਾਚੇ ਤਾਏ ਦੇ ਮੁਕਾਬਲੇ ਪਿਤਾ ਨਾਲ ਰਿਸ਼ਤਾ ਜ਼ਿਆਦਾ ਕਰੀਬ ਦਾ ਹੁੰਦਾ ਹੈ। ਸਾਂਝ ਅਤੇ ਨਿਰਭਰਤਾ ਵੱਧ ਹੁੰਦੀ ਹੈ। ਇਸ ਲਈ ਪੰਜਾਬੀ ਵਿਚ ਪਿਤਾ ਲਈ ਕਈ ਸ਼ਬਦ ਹਨ ਜਿਵੇਂ ਭਾਪਾ, ਭਾਈਆ, ਬਾਪੂ, ਬਾਈ, ਪਿਤਾ ਜੀ ਆਦਿ।ਪਰ ਚਾਚੇ ਲਈ ਸਿਰਫ ਚਾਚਾ ਹੈ ਅਤੇ ਤਾਏ ਲਈ ਸਿਰਫ ਤਾਇਆ ਹੈ। ਲਾਡ ਪਿਆਰ ਬਹੁਤਾ ਹੀ ਭਾਰੂ ਹੋ ਜਾਵੇ ਤਾਂ ਚਾਚੂ ਜਾਂ ਤਾਊ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ। ਮਾਤਾ ਲਈ ਵੀ ਅਨੇਕਾਂ ਸ਼ਬਦ ਹਨ, ਜਿਵੇਂ ਮਾਂ, ਮਾਈ, ਬੀਬੀ, ਬੇਬੇ, ਅੰਮੀ, ਝਾਈ ਆਦਿ। ਪਰ ਚਾਚੀ ਲਈ ਸਿਰਫ ਚਾਚੀ ਅਤੇ ਤਾਈ ਲਈ ਸਿਰਫ ਤਾਈ ਹੈ। ਭਗਤ ਸੈਣ ਜੀ ਦੇ ਉਪਰੋਕਤ ਸ਼ਬਦ ਤੋਂ ਅਨੁਮਾਨ ਹੋ ਜਾਂਦਾ ਹੈ ਕਿ ਭਗਤ ਸੈਣ ਪਰਮਾਤਮਾ ਨਾਲ ਪਿਆਰ ਦੇ ਕਿੰਨੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਸਨ। ਇਹ ਪਿਆਰ ਕਿੰਨੀ ਨੇੜਤਾ ਅਤੇ ਅਪਣੱਤ ਵਾਲਾ ਸੀ, ਕਿੰਨਾ ਲਾਡ-ਮੁਖੀ ਸੀ।

No comments:

Post a Comment