ਰੋਹਤਕ-ਇੱਥੇ ਪੀ. ਜੀ. ਆਈ. 'ਚ ਦਰਦ ਨਾਲ ਤੜਫ ਰਹੀ ਇਕ ਗਰਭਵਤੀ ਔਰਤ ਨਾਲ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਵਾਪਰੀ। ਲੇਬਰ ਰੂਮ 'ਚ ਦਰਦ ਨਾਲ ਤੜਫ ਰਹੀ ਔਰਤ ਨੂੰ ਨਰਸ ਨੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦਾ ਬੱਚਾ ਗਰਭ 'ਚੋਂ ਨਿਕਲ ਕੇ ਹੇਠਾਂ ਡਿਗ ਗਿਆ ਅਤੇ ਉਸ ਦੀ ਮੌਤ ਹੋ ਗਈ। ਔਰਤ ਦੀ ਵੀ ਬੈੱਡ ਤੋਂ ਡਿਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜੀਂਦ ਦੇ ਖਰਕਰਾਮਜੀ ਦੀ ਰਹਿਣ ਵਾਲੀ ਸਰੋਜ ਨੇ ਦੱਸਿਆ ਕਿ ਉਸ ਦੀ ਭਤੀਜੀ ਨੀਲਮ ਨੂੰ ਪੀ. ਜੀ. ਆਈ. 'ਚ 14 ਮਈ ਨੂੰ ਭਰਤੀ ਕੀਤਾ ਗਿਆ ਸੀ। ਸੋਮਵਾਰ ਦੀ ਸਵੇਰ ਨੂੰ ਉਸ ਨੂੰ ਦਰਦ ਸ਼ੁਰੂ ਹੋਇਆ ਪਰ ਕਿਸੇ ਨਰਸ ਨੇ ਉਸ ਦਾ ਹਾਲ ਨਹੀਂ ਪੁੱਛਿਆ ਅਤੇ ਉਹ ਸਾਰਾ ਦਿਨ ਦਰਦ ਨਾਲ ਤੜਫਦੀ ਅਤੇ ਰੋਂਦੀ ਰਹੀ।
ਸ਼ਾਮ ਨੂੰ ਜਦੋਂ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਵਾਰਡ ਦੀਆਂ ਔਰਤਾਂ ਦੇ ਜ਼ੋਰ ਪਾਉਣ 'ਤੇ ਇਕ ਨਰਸ ਆਈ। ਉਸ ਸਮੇਂ ਨੀਲਮ ਚੀਕਾਂ ਮਾਰਨ ਲੱਗੀ ਤਾਂ ਨਰਸ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਥੱਪੜ ਮਾਰ ਦਿੱਤਾ। ਨਰਸ ਦੇ ਥੱਪੜ ਮਾਰਨ ਤੋਂ ਬਾਅਦ ਨੀਲਮ ਦਾ ਬੱਚਾ ਗਰਭ ਤੋਂ ਨਿਕਲ ਕੇ ਫਰਸ਼ 'ਤੇ ਡਿਗ ਗਿਆ ਅਤੇ ਸਿਰ 'ਚ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਨਰਸ ਇਸ ਤੋਂ ਬਾਅਦ ਨੀਲਮ ਨਾਲ ਹੱਥੋਪਾਈ 'ਤੇ ਉਤਰ ਆਈ, ਜਿਸ ਤੋਂ ਬਾਅਦ ਨੀਲਮ ਵੀ ਬੈੱਡ ਤੋਂ ਹੇਠਾਂ ਡਿਗ ਗਈ ਅਤੇ ਉਸ ਦੀ ਵੀ ਜਾਨ ਚਲੀ ਗਈ। ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਪੀ. ਜੀ. ਆਈ. ਸਟਾਫ ਇਸ ਮਾਮਲੇ 'ਤੇ ਪਰਦਾ ਪਾਉਣ ਲੱਗ ਪਿਆ। ਫਿਲਹਾਲ ਗੁੱਸੇ 'ਚ ਆਇਆ ਪਰਿਵਾਰ ਭੀੜ ਸਮੇਂ ਬੱਚੇ ਦੀ ਲਾਸ਼ ਲੈ ਕੇ ਥਾਣੇ ਪਹੁੰਚਿਆ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਪੁਲਸ ਨੇ ਡਾਕਟਰ, ਨਰਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੀ. ਜੀ. ਆਈ. 'ਚ ਇਹ ਕੋਈ ਪਹਿਲੀ ਤਰ੍ਹਾਂ ਦਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਇੱਥੋਂ ਦੇ ਸਟਾਫ ਦੀ ਲਾਪਰਵਾਹੀ ਦੇ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ।


No comments:
Post a Comment